sooheakhar sooheakhar

586 posts   8,423 followers   8 followings

Sukhvir Singh 

........
ਛੋਟੀ ਗਦ ਕਵਿਤਾ : ਐਂਵੇਂ ਨਹੀਂ ਹੁੰਦਾ #
........
ਇੱਕ ਸੋਹਣਾ ਹੱਥ ਸੀ । ਉਸ ਨੇ ਮੈਨੂੰ ਮਿੱਟੀ ਚ ਰੋਲਿਆ । ਕਿੰਨੀ ਦੇਰ ਬਾਅਦ । ਇੱਕ ਹੋਰ ਹੱਥ । ਉਸ ਨੇ ਚੁੱਕਿਆ ਤੇ ਕਿਸੇ ਉੱਚੀ ਥਾਂ ਤੇ ਰੱਖ ਦਿੱਤਾ । ਜਦੋਂ ਛੱਡਣਾ ਹੁੰਦਾ । ਫਿਰ ਸਭ ਛੱਡਣਾ ਹੁੰਦਾ । ਇੱਕ ਆਦਮੀ ਔਰਤ ਨੂੰ ਕਿਵੇਂ ਛੱਡੇ । ਉਹ ਔਰਤ ਹੀ ਹੈ । ਮੇਰੇ ਆਸ ਪਾਸ ਕੋਈ ਸੰਤ ਨਹੀਂ ਮਿਲਿਆ । ਮੈਂ ਆਪਣੀਆਂ ਇੱਛਾਵਾਂ ਲੈ ਕੇ ਖੜਾ ਸੀ। ਹੱਥ ਅੱਗੇ ਕੀਤਾ । ਉਸ ਨੇ ਹਥੇਲੀ ਤੇ ਸੰਨਿਆਸ ਰੱਖ ਦਿੱਤਾ । ਔਰਤ ਨੂੰ ਛੱਡਣ ਬਾਰੇ ਉਹ ਕੀ ਸੋਚੇ ? ਜਿਸ ਨੂੰ ਸੰਨਿਆਸ ਔਰਤ ਦੇ ਹੱਥੋਂ ਮਿਲਿਆ । ਕਿਹਾ ਸੀ, ਪਹਿਲਾਂ । ਉਸ ਨੇ ਕਿਹਾ ਸੀ, ਲਾਲਚ ਕਰ । ਥੋੜ੍ਹਾ ਜਿਹਾ ਕਰ । ਜਿਉਣ ਲਈ ਜਰੂਰੀ ਹੁੰਦਾ । ਕਰ ਲਿਆ ਸੀ । ਫਿਰ ਲਾਲਚ ਵਧ ਗਿਆ । ਫਿਰ ਉਸ ਕੋਲ ਗਿਆ । ਉਸ ਨੇ ਇੱਕ ਵਾਰ ਵੇਖਿਆ । ਕਿਹਾ ਲਾਲਚ ਛੱਡ ਦੇ । ਲਾਲਚ ਤਾਂ ਸੁਣਿਆ ਹੀ ਨਹੀਂ । ਸਿਰਫ ਛੱਡ ਦੇ ਸੁਣਿਆ । ਤੇ ਸਭ ਛੱਡ ਦਿੱਤਾ ।
ਕੁਝ ਚੀਜ਼ਾਂ ਬਣ ਕੇ, ਕੁਝ ਬਣਦੀਆਂ । ਕੁਝ ਟੁੱਟ ਕੇ ਕੁਝ ਬਣ ਜਾਂਦੀਆਂ । ਵਿੱਚ ਵਿਚਾਲੇ ਕੁਝ ਨਹੀਂ ਹੁੰਦਾ । ਕਈ ਵਾਰ ਡਿੱਗਣ ਟੁੱਟਣ ਹੀ ਕੁਝ ਬਣਨਾ ਹੁੰਦਾ ।
ਢਕਿਆ ਹੁੰਦਾ ਸਭ । ਚਿਹਰਿਆਂ ਥੱਲੇ । ਮੁਖੌਟੇ ਤੇਰੇ ਮੇਰੇ । ਇਕੱਲੇ ਕੱਪੜੇ ਨਹੀਂ ਹੁੰਦੇ । ਸਭ ਕੋਲ ਮੁਖੌਟੇ ਵੀ ਹੁੰਦੇ । ਇਹ ਤਾਂ ਧੋਣੇ ਪੂੰਝਣੇ ਵੀ ਨਹੀਂ ਪੈਂਦੇ । ਕੱਪੜੇ ਉਤਾਰੇ ਹੁੰਦੇ ਨੇ ਕਈ ਵਾਰ । ਮੁਖੌਟੇ ਪਏ ਰਹਿੰਦੇ ਨੇ ਫੇਰ ਵੀ । ਮੁਖੌਟੇ ਉਤਾਰਨੇ, ਕੱਪੜੇ ਉਤਾਰਨ ਤੋਂ ਵੀ ਔਖੇ ਨੇ ।
ਤੂੰ ਆਖ, ਸਭ ਕੁਝ । ਜੋ ਮੈਨੂੰ ਤੋੜ ਦੇਵੇ । ਮੇਰੀ ਪਰਖ ਤਾਂ ਹੋਵੇ । ਕਹਿ ਕੁਝ । ਜੋ ਬੁਰਾ ਲੱਗੇ । ਕੋਈ ਸ਼ਬਦ । ਜੋ ਮੈਨੂੰ ਚੀਰ ਦੇਵੇ । ਜੇ ਖੜਾ ਰਿਹਾ ਸਾਬਤ । ਫੇਰ ਹੀ ਤਾਂ ਕਾਬਿਲ ਹਾਂ ।
ਮੈਂ ਕਿਹਾ । ਆ ਮੁਖੌਟੇ ਸਮੇਤ ਆ । ਇਹੀ ਤਾਂ ਕਮਾਲ ਹੈ । ਤੇਰੇ ਤੋਂ ਪਹਿਲਾਂ ਮੁਖੌਟਾ ਸਵੀਕਾਰ ਹੈ। ਇਹ ਵੀ ਤੇਰਾ ਹੀ ਹੈ । ਮੇਰੇ ਕੋਲ ਮਿੱਥ ਟੁੱਟ ਜਾਂਦੀ ਹੈ ।

ਤੂੰ ਕਿਹਾ : ਐਂਵੇਂ ਨਹੀਂ ਹੁੰਦਾ !

ਬਜਾਰ ਚ ਸੀ ਇੱਕ ਦਿਨ । ਇੱਕ ਕਮਲਾ ਆ ਕੇ ਸਾਹਮਣੇ ਖੜ ਗਿਆ । ਮੈਲੇ ਕੱਪੜੇ । ਮੂੰਹ ਖੁੱਲ੍ਹਾ । ਇੱਕ ਹੱਥ ਡਿੱਗ ਰਹੇ ਪਜਾਮੇ ਨੂੰ ਪਾਇਆ ਸੀ ਉਸ ਨੇ । ਇੱਕ ਹੱਥ ਮੇਰੇ ਅੱਗੇ ਕਰ ਦਿੱਤਾ । ਬੋਲਿਆ ਕੁਝ ਨਹੀਂ । ਮੇਰਾ ਹੱਥ ਜੇਬ ਵੱਲ ਗਿਆ । ਸਾਹਮਣੇ ਖੜਾ ਇੱਕ ਆਦਮੀ ਬੋਲਿਆ । ਇਸ ਨੂੰ ਪੈਸੇ ਨਾ ਦੇਣਾ । ਫੜਦੇ ਸਾਰ ਨੋਟ ਪਾੜ ਕੇ ਸੁੱਟ ਦਿੰਦਾ । ਸਿੱਕਾ ਫੜਦੇ ਸਾਰ ਚਲਾ ਕੇ ਮਾਰਦਾ । ਮੇਰਾ ਹੱਥ ਜੇਬ ਚ ਪੈ ਚੁੱਕਿਆ ਸੀ । ਖਾਲੀ ਨਹੀਂ ਸੀ ਮੁੜ ਸਕਦਾ । ਮੈਂ ਜੇਬ ਚੋਂ ਸਿੱਕਾ ਕੱਢਿਆ । ਉਸ ਦੇ ਹੱਥ ਤੇ ਰੱਖ ਦਿੱਤਾ । ਸਾਹਮਣੇ ਖੜੇ ਆਦਮੀ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਉਲਾਂਭਾ ਸੀ । ਮੈਂ ਉਸ ਦੀ ਗੱਲ ਨਹੀਂ ਮੰਨੀ । ਉਸ ਨੂੰ ਨਹੀਂ ਸੀ ਪਤਾ । ਮੈਂ ਕਿਸੇ ਦਿਨ ਆਪਣਾ ਆਪ ਕਿਸੇ ਦੇ ਹੱਥ ਤੇ ਰੱਖ ਦਿੱਤਾ ਸੀ । ਤੇ ਸੁੱਟ ਦਿੱਤਾ ਗਿਆ ਸੀ । ਉਸ ਨੇ ਫਿਰ ਕਿਹਾ । ਇਸ ਨੇ ਸਿੱਟ ਦੇਣੇ ਆਂ ਪੈਸੇ । ਮੇਰੇ ਅੰਦਰ ਕੋਈ ਬੋਲ ਰਿਹਾ ਸੀ । ਸਿੱਟੇ ਹੋਏ ਆਦਮੀ ਦੇ ਦਿੱਤੇ ਪੈਸੇ ਸਿੱਟਣ ਦੀ ਹਿੰਮਤ, ਇੱਕ ਕਮਲਾ ਕਿੱਥੋਂ ਲੈ ਕੇ ਆਵੇਗਾ । ਬਿਨਾ ਸੋਚੇ ਸਮਝੇ । ਮੇਰੇ ਮੂੰਹੋ ਨਿਕਲਿਆ । ਫਿਕਰ ਨਾ ਕਰੋ । ਇਹ ਪੈਸੇ ਨਹੀਂ ਸਿੱਟੇਗਾ ।
Continue in first comment...

......
ਗਦ ਕਵਿਤਾ : ਦਾਲ – ਫੁੱਲੀਆਂ #
..
ਗੱਲ ਸੁਣ ! ਤੇਰੇ ਹੱਥਾਂ ਤੇ ਕੀ ਲੱਗਿਆ ? ਇਹ ਕਿਸ ਚੀਜ਼ ਦੀ ਮਹਿਕ ਏ । ਕੋਈ ਖਾਣ ਵਾਲੀ ਚੀਜ਼ ਲੱਗਦੀ । ਪਤਾ ਨਹੀਂ ਲੱਗ ਰਿਹਾ ਕੀ ?
ਚੀਜ਼ ਨਹੀਂ । ਇਹ ਤਾਂ ਚੀਜ਼ੀ ਏ । ਉਹ ਹੱਸਦੀ । ਇਹ । ਇਹ ਤਾਂ ਮੈਂ ਦਾਲ- ਫੁੱਲੀਆਂ ਖਾਂਦੀ ਸੀ । ਹੱਥ ਨਹੀਂ ਧੋਤੇ । ਜਦੋਂ ਮੈਨੂੰ ਭੁੱਖ ਲੱਗਦੀ । ਮੈਂ ਇਹੀ ਖਾਂਦੀ ਰਹਿੰਦੀ । ਕਈ ਵਾਰ ਦਰਵਾਜੇ ਤੇ ਕੋਈ ਮੰਗਤਾ ਹੁੰਦਾ । ਖਾਂਦੀ ਖਾਂਦੀ ਚਲੀ ਜਾਂਦੀ ਹਾਂ । ਉਸ ਨੂੰ ਵੀ ਦੇ ਦਿੰਦੀ, ਦਾਲ – ਫੁੱਲੀਆਂ ਦੀ ਮੁੱਠੀ । ਇੱਕ ਵਾਰ ਇੱਕ ਮੰਗਤਾ ਖੋਹ ਕੇ ਵੀ ਲੈ ਗਿਆ ਸੀ । ਧੱਕੇ ਨਾਲ । ਝਪੱਟਾ ਮਾਰ ਕੇ ।
ਮੈਨੂੰ ਲੱਗਦਾ ਕਈ ਰਿਸ਼ਤੇ ਵੀ ਦਾਲ – ਫੁੱਲੀਆਂ ਵਰਗੇ ਹੁੰਦੇ । ਭਾਰ ਹੀ ਨਹੀਂ ਹੁੰਦਾ । ਤੇ ਸੱਚੀਂ ਰੱਜ ਵੀ ਨਹੀਂ ਆਉਂਦਾ । ਉਹਨਾਂ ਨਾਲ । ਬਸ ਸਵਾਦ ਹੀ ਹੁੰਦਾ । ਸ਼ਾਇਦ ਸਵਾਦ ਵੀ ਨਹੀਂ ਆਨੰਦ ਹੀ ਹੁੰਦਾ । ਤੂੰ ਸੁਣ ਆਨੰਦ ਹੀ ਰੱਬ ਹੁੰਦਾ । ਪਰ ਰੱਬ ਭੈੜਾ ਵੀ ਹੁੰਦਾ । ਹੁਣ ਰੱਬ ਹੁੰਦਾ ਕਿ ਨਹੀਂ, ਇਹ ਹੋਰ ਗੱਲ ਹੈ । ਹੁੰਦਾ ਜਾਂ ਨਹੀਂ ਇਹ ਨਹੀਂ ਪਤਾ । ਮੈਂ ਵਿਖਾ ਸਕਦਾ ਹਾਂ ਤੈਨੂੰ । ਪਤਾ, ਕਿਸੇ ਨੂੰ ਪਿਆਰ ਕਰੋ । ਪਰ ਉਸ ਨੂੰ ਨਾ ਕਹੋ । ਮੈਂ ਪਿਆਰ ਕਰਦਾ ਹਾਂ, ਤੈਨੂੰ । ਕਰਦੇ ਰਹੋ । ਬਸ ਚੁੱਪ –ਚਾਪ । ਪੰਜ ਸਾਲ, ਸੱਤ ਸਾਲ, ਵੀਹ ਸਾਲ, ਪੱਚੀ ਸਾਲ । ਫਿਰ ਰੱਬ ਹੀ ਲੱਗਦਾ ਸਭ ਕੁਝ । ਕੰਧਾਂ ਕੌਲੇ ਵੀ ਬੋਲਣ ਲੱਗ ਜਾਂਦੇ ਨੇ । ਤਕਲੀਫ ਤਾਂ ਬਹੁਤ ਹੁੰਦੀ । ਸੇਕ ਲੱਗੇ ਬਿਨਾ ਤਾਂ ਫੁੱਲੀਆਂ ਵੀ ਨਹੀਂ ਬਣਦੀਆਂ । ਤੇਰੀ ਗੱਲ ਸਹੀ ਹੈ । ਇੱਕ ਪਾਸੜ ਪਿਆਰ ਤਾਂ ਭਾਵੇਂ ਪੱਚੀ ਸਾਲ ਕਰੋ । ਪੰਜਾਹ ਸਾਲ ਕਰੋ । ਆਪ ਹੀ ਕਰਨਾ । ਇਹ ਕੱਲੀਆਂ ਇੱਟਾਂ ਦਾ ਘਰ ਬਣਾਉਣ ਵਰਗਾ । ਬਿਨਾ ਗਾਰੇ ਤੋਂ । ਕੰਧ ਜਦੋਂ ਉੱਚੀ ਹੁੰਦੀ । ਡਿੱਗ ਜਾਂਦੀ । ਬਣਦਾ ਢਹਿੰਦਾ ਹੀ ਰਹਿੰਦਾ । ਇਹ ਬਣਨ ਢਹਿਣ ਦਾ ਹੀ ਸੁਆਦ ਹੈ । ਮੈਂ ਖਿੱਚਿਆ ਗਿਆ ਸੀ ਤੇਰੇ ਵੱਲ । ਤੈਨੂੰ ਕਿਹੜਾ ਨਹੀਂ ਪਤਾ । ਤੈਨੂੰ ਸਭ ਪਤਾ । ਨਿੱਕੀ ਨਿੱਕੀ ਗੱਲ, ਤੈਨੂੰ ਦੱਸਣ ਦਾ ਚਾਅ । ਤੂੰ ਬੁੱਝ ਤਾਂ ਲਿਆ ਸੀ, ਹਨਾਂ ।। ਪਰ ਇਹ ਸ਼ਾਸ਼ਵਤ ਹੈ । ਕਿਹਾ ਨਹੀਂ ਜਾ ਸਕਦਾ । ਇਸ ਨੂੰ ਨਾ ਕਹਿਣ ਵਿੱਚ ਬਹੁਤ ਖੂਬਸੂਰਤੀ ਹੈ । ਇਸ ਨੂੰ ਬਿਨਾ ਕਹੇ ਸਵੀਕਾਰ ਕਰਨਾ ਚਾਹੀਦਾ ।
ਪਰ ਤੇਰੀ ਆਤਮਾ ਥੱਕ ਚੁੱਕੀ ਹੈ । ਤੂੰ ਕਿੱਥੇ ਕਿੱਥੇ ਲੱਭਣ ਗਈ । ਤੇ ਸਭ ਕੁਝ ਦਾਅ ਤੇ ਲਾਇਆ । ਤੇ ਫਿਰ ਖਾਲੀ ਹੱਥ । ਸਾਡੀ ਕੋਈ ਹੋਣੀ ਹੁੰਦੀ ਐ । ਮੇਰੀ ਵੀ ਹੈ । ਮੈਂ ਜਿਸ ਨੂੰ ਪਿਆਰ ਕਰਾਂ । ਉਹ ਮਿਟਣ ਲੱਗਦਾ ਹੈ । ਮੈਂ ਆਪਣੇ ਅੱਗੇ ਰੋਕਾਂ ਖੜ੍ਹੀਆਂ ਕਰਦਾ ਹਾਂ । ਤੂੰ ਇਸ ਤਰ੍ਹਾਂ ਦੀ ਬਣ ਗਈ ਏਂ । ਤੈਨੂੰ ਜੇ ਅਪਣੱਤ ਮਿਲੀ ਵੀ, ਤੂੰ ਸਵੀਕਾਰ ਨਹੀਂ ਕਰਨੀ । ਸ਼ਾਇਦ ਤੈਥੋਂ ਹੋਣੀ ਹੀ ਨਹੀਂ । ਕਈ ਵਾਰ ਕਿਸੇ ਦਾ ਨਾ ਹੋਣਾ । ਜਾਂ ਹੋਣਾ । ਇਸ ਦਾ ਅਰਥ ਗੁੰਮ ਜਾਂਦਾ ਹੈ ।
ਬੇਵਕੂਫੀ ਲੱਗਦੀ ਹੈ । ਇੱਕ ਪਾਸੜ ਸਬੰਧ ਵਿੱਚ ਪੱਚੀ ਸਾਲ ਰਹਿਣਾ । ਪਰ ਹਰ ਚੀਜ਼ ਕੁਝ ਨਾ ਕੁਝ ਛੱਡ ਜਾਂਦੀ ਹੈ । ਸਮਾਂ ਲੰਬਾ ਸੀ । ਮਨ ਸਧ ਗਿਆ । ਬਿਨਾ ਕਿਸੇ ਤੋਂ । ਕਿਸੇ ਦੇ ਨਾਲ ਰਹਿਣਾ ਸਿੱਖ ਲਿਆ । ਹੁਣ ਤੇਰੇ ਬਿਨਾ ਹੀ ਤੇਰੇ ਨਾਲ ਹਾਂ । ਮਨ ਚ ਉਤਾਰ ਕੇ, ਚੁੱਪ ਚਾਪ ਬੈਠਾ ਹਾਂ । ..............ਕੋਲ ਹੀ ਤਾਂ ਹਾਂ .................!!
Continue in first comment..

......
ਤੇਰੇ ਨਾ ਹੋਣ ਨਾਲ#
..
ਤੇਰੇ ਬਿਨਾ
ਖਿੱਲਰ-ਪੁੱਲਰ ਜਾਂਦਾ ਹਾਂ
ਜਾਇਆ ਹੋਣ ਲੱਗਦਾ ਹਾਂ
ਜਿਵੇਂ ਕੋਈ ਔਰਤ
ਸ਼ਾਵਰ ਹੇਠ ਨਹਾਉਂਦੀ
ਕਿਸੇ ਖਿਆਲ ਚ ਗੁੰਮ ਜਾਵੇ
ਤੇ ਪਾਣੀ ਵਹਿੰਦਾ ਰਹੇ
..
ਜਾਂ ਬਣ ਜਾਂਦਾ ਹਾਂ, ਵਹੀਕਲਾਂ ਹੇਠ
ਮਿੱਧਿਆ ਜਾ ਰਿਹਾ ਰਸਤਾ
..
ਜਾਂ ਕਿਸੇ ਘਰ ਦੇ ਕੋਨੇ ਵਿੱਚ
ਮੱਕੜੀਆਂ ਦੇ ਆਂਡਿਆਂ ਦੇ ਟੁੱਟਣ ਦੀ ਆਵਾਜ
..
ਜਾਂ ਫਿਰ ਕਿਸੇ ਬੰਦ ਘਰ ਵਿੱਚ
ਸਾਹ ਲੈਂਦਾ ਫਰਨੀਚਰ
..
ਆਦਮੀ ਤੋਂ ਔਰਤ ਬਣ ਜਾਂਦਾ ਹਾਂ
..
ਜਾਂ ਕਿਸੇ ਨੀਂਦ ਦੇ ਹੱਥਾਂ ਵਿੱਚ
ਰਹਿ ਗਿਆ, ਸੁਪਨੇ ਦਾ ਕੋਈ ਟੁਕੜਾ
..
ਕਿਸੇ ਬੱਚੇ ਦੀ ਛੱਡੀ ਹੋਈ ਰੋਟੀ
..
ਬਚੀ ਹੋਈ ਲਿਪਸਟਿਕ
..
ਜਾਂ ਮੱਥੇ ਤੋਂ ਉਤਾਰ ਕੇ
ਸ਼ੀਸ਼ੇ ਤੇ ਚਿਪਕਾਈ ਹੋਈ ਬਿੰਦੀ
..
ਤੇਰੇ ਬਿਨਾ ਵੀ
ਬਹੁਤ ਕੁਝ ਹੁੰਦਾ ਹਾਂ ਮੈਂ
..
ਤੇਰੇ ਨਾ ਹੋਣ ਨਾਲ
ਮੈਂ ਜਿਉਂਦਾ ਜਾਗਦਾ ਆਦਮੀ
ਚੀਜ਼ਾਂ ਵਸਤਾਂ ਵਿੱਚ ਤਬਦੀਲ ਹੋਣ ਲਗਦਾ ਹਾਂ
..
ਸੂਹੇ ਅੱਖਰ#

ਪਿਕ : ਬੇਟੀਆਂ - ਅਨੁ ਤੇ ਬ੍ਰਹਮ ਵੱਲੋਂ ਗਿਫਟ ਕੀਤੀ ਡਾਇਰੀ ।।

......
ਮੇਰਾ ਪਤਾ ਨਹੀਂ ਹੁੰਦਾ#
..
ਮੇਰਾ ਪਤਾ ਨਹੀਂ ਹੁੰਦਾ
ਮੈਂ ਕੀ ਕਰਾਂਗਾ
..
ਹੋ ਸਕਦਾ ਹੈ, ਆਪਣੇ ਆਪ ਨੂੰ
ਕਿਸੇ ਵੇਸ਼ਵਾ ਦੇ ਪੈਰਾਂ ਚ ਧਰ ਆਵਾਂ
..
ਜਾਂ ਪਾ ਦੇਵਾਂ
ਆਪਣੇ ਆਪ ਨੂੰ
ਕਿਸੇ ਮੰਗਤੀ ਦੇ ਡੋਲੂ ਵਿੱਚ
..
ਜਾਂ ਘਰ ਜਾਂਦਿਆਂ
ਰਸਤੇ ਚ ਰਹਿ ਜਾਵਾਂ
ਤੇ ਕਿਸੇ ਖੇਡ-ਖੇਡ ਵਿੱਚ ਭੱਜਦੇ-ਭੱਜਦੇ
ਡਿੱਗੇ ਹੋਏ ਬੱਚੇ ਦੇ
ਉੱਚੜੇ ਗੋਡਿਆਂ ਕੋਲ
ਪੂਰੀ ਰਾਤ ਬੈਠਾ ਰਹਾਂ
..
ਮੇਰਾ ਪਤਾ ਨਹੀਂ ਹੁੰਦਾ
ਕਿੱਧਰ ਜਾਵਾਂਗਾ, ਕੀ ਕਰਾਂਗਾ
..
ਤੇ ਹੋ ਸਕਦਾ ਹੈ ਕਿਸੇ ਦਿਨ
ਜਦੋਂ ਲੋਕ
ਧਰਮ-ਧਰਮ ਖੇਡ ਰਹੇ ਹੋਣ
ਮੈਂ ਕਿਸੇ ਖੇਤ ਵੱਲ
ਫਾਹਾ ਲੈਣ ਵਾਲਾ ਰੱਸਾ ਮਚਾਉਣ ਚਲਿਆ ਜਾਵਾਂ
..
ਮੇਰਾ ਪਤਾ ਨਹੀਂ ਹੁੰਦਾ
..
ਸੂਹੇ ਅੱਖਰ#

Most Popular Instagram Hashtags